Listen

Description

ਜਿਵੇਂ ਇਕ ਪਹੀਏ ਨੂੰ ਘੁੰਮਣ ਲਈ ਇਕ ਸਥਿਰ ਜਾਂ ਅਪਰਿਵਰਤਨਸ਼ੀਲ ਧੁਰੇ
ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇਸ ਨਿਰੰਤਰ ਬਦਲਦੇ ਭੌਤਿਕੀ ਸੰਸਾਰ ਨੂੰ ਆਪਣਾ ਅਸਤਿੱਤਵ (ਹੋਂਦ) ਬਣਾਈ ਰੱਖਣ ਲਈ ਇਕ ਸ਼ਾਂਤ ਅਤੇ ਪਰਿਵਰਤਨਹੀਣ ਅਪ੍ਰਗਟ ਅਸਤਿੱਤਵ ਦੀ ਲੋੜ ਹੁੰਦੀ ਹੈ। ਅਰਜਨ ਸਾਡੇ ਵਾਂਗੂੰ ਭੌਤਿਕੀ ਮਾਨਵ ਸਰੀਰ ਦੇ ਪੱਧਰ ਉੱਤੇ ਹੈ ਅਤੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਦੀ ਚਿੰਤਾ ਕਰ ਰਿਹਾ ਹੈ ਜੋ ਸਿਰਫ ਦਿਸਦੀਆਂ ਹੋਦਾਂ ਹਨ। ਭਗਵਾਨ ਕ੍ਰਿਸ਼ਨ ਜੋ ਉਸ ਵੇਲੇ ਮਨੁੱਖੀ ਸਰੀਰ ਵਿੱਚ ਸਨ ਦੱਸਦੇ ਹਨ ਕਿ ਕਦੇ-ਕਦੇ ਅਪ੍ਰਗਟ ਨੂੰ ਪ੍ਰਗਟ ਰੂਪ ਧਾਰਨ ਦੀ ਲੋੜ ਕਿਉਂ ਅਤੇ ਕਿਵੇਂ ਹੁੰਦੀ ਹੈ।

ਉਹ ਕਹਿੰਦੇ ਹਨ, ‘‘ਮੈਂ ਅਜਨਮਾ, ਸਦੀਵੀ ਅਤੇ ਪ੍ਰਾਣੀਆਂ ਦਾ ਸਵਾਮੀ ਹਾਂ। ਆਪਣੀ ਪ੍ਰਕਿਰਤੀ ਨੂੰ ਅਧੀਨ ਕਰਦੇ ਹੋਏ ਮੈਂ ਆਪਣੀ ਯੋਗ ਮਾਇਆ ਦੁਆਰਾ ਅਵਤਾਰ ਧਾਰਨ ਕਰਦਾ ਹਾਂ’’ (4.6)। ਮਾਇਆ ਦੇ ਮਾਧਿਅਮ ਰਾਹੀਂ ਜੋ ਕੇਵਲ ਇਕ ਵਿਚਾਰ ਹੈ, ਅਪ੍ਰਗਟ ਪ੍ਰਗਟ ਹੁੰਦਾ ਹੈ, ਜਿਵੇਂ ਪ੍ਰਮਾਤਮਾ ਚਾਹੁੰਦਾ ਹੈ। ਫਰਕ ਸਿਰਫ ਚੇਤਨਾ ਅਤੇ ਇੱਛਾਵਾਂ ਦੇ ਪੱਧਰ ’ਤੇ ਹੈ ਅਤੇ ਜਿਸ ਦੇ ਨਾਲ ਅਸੀਮਤ ਦਇਆ ਵੀ ਹੈ।

ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ—ਜਦੋਂ-ਜਦੋਂ ਧਰਮ ਦੀ ਹਾਨੀ ਅਤੇ ਅਧਰਮ ਵਿੱਚ ਵਾਧਾ ਹੁੰਦਾ ਹੈ ਉਸ ਵੇਲੇ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ, ਅਰਥਾਤ ਸਾਕਾਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦਾ ਹਾਂ (4.7)। ਸਾਧੂ ਪੁਰਖਾਂ ਦਾ ਉਧਾਰ ਕਰਨ, ਪਾਪ ਕਰਮ ਕਰਨ ਵਾਲਿਆਂ ਦਾ ਨਾਸ ਕਰਨ ਅਤੇ ਧਰਮ ਦੀ ਚੰਗੀ ਤਰ੍ਹਾਂ ਨਾਲ ਸਥਾਪਨਾ ਕਰਨ ਲਈ ਮੈਂ ਯੁੱਗ-ਯੁੱਗ ਵਿੱਚ ਪ੍ਰਗਟ ਹੁੰਦਾ ਹਾਂ (4.8)।

ਗੁਰੂ ਲੋਕ ਅਕਸਰ ਇਨ੍ਹਾਂ ਸਲੋਕਾਂ ਦਾ ਹਵਾਲਾ ਦਿੰਦੇ ਹਨ ਤਾਂ ਕਿ ਸਭ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਪ੍ਰਮਾਤਮਾ ਧਾਰਮਿਕ ਲੋਕਾਂ ਦੀ ਰੱਖਿਆ ਕਰਨ ਲਈ ਸਾਡੇ ਨੇੜੇ ਹੀ ਹੈ।  ਇਹ ਸ਼ਬਦ ਦੇ ਸਧਾਰਣ ਅਰਥ ਇਹ ਇਸ਼ਾਰਾ ਕਰਦੇ ਹਨ ਕਿ ਜਦੋਂ ਵੀ ਧਰਮ ਜਾਂ ਧਾਰਮਿਕਤਾ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਜਾਂ ਬੁਰਾਈ ਵੱਧ ਜਾਂਦੀ ਹੈ ਤਾਂ ਉਹ ਅਵਤਾਰ ਦੇ ਰੂਪ ਵਿੱਚ ਇਸ ਧਰਤੀ ’ਤੇ ਆਉਣਗੇ।

ਡੂੰਘੇ ਰੂਪ ਵਿੱਚ ਸੋਚਿਆ ਜਾਵੇ ਤਾਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਧਰਮ ਅਤੇ ਅਧਰਮ ਕੀ ਹੈ, ਕੌਣ ਸਾਧੂ ਹੈ ਅਤੇ ਕੌਣ ਦੁਸ਼ਟ, ਇਨ੍ਹਾਂ ਨੂੰ ਕਿਹੜੀ ਚੀਜ਼ ਅਲੱਗ ਕਰਦੀ ਹੈ ?

ਸਾਧੂਆਂ ਅਤੇ ਦੁਸ਼ਟਾਂ ਦੇ ਮਾਮਲੇ ਵਿੱਚ ਉਨ੍ਹਾਂ ਦੀ ਸੰਤਤਾ (ਪਵਿੱਤਰਤਾ) ਜਾਂ ਦੁਸ਼ਟਤਾ (ਬੁਰਾਈ) ਦੇ ਗੁਣਾਂ ਨੂੰ ਬਚਾਉਣ ਜਾਂ ਨਸ਼ਟ ਕਰਨ ਦੀ ਲੋੜ ਹੈ, ਨਾ ਕਿ ਉਨ੍ਹਾਂ ਵਿਅਕਤੀਆਂ ਨੂੰ। ਇਸੇ ਤਰ੍ਹਾਂ ਧਰਮ ਅਤੇ ਅਧਰਮ ਨੂੰ ਉਸ ਸਦੀਵੀ ਅਵਸਥਾ ਦੇ ਵੱਲ, ਜਾਂ ਉਸ ਤੋਂ ਦੂਰ ਯਾਤਰਾ ਦੀ ਦਿਸ਼ਾ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਮਾਰਗ ਵਿਚ ਦਿਸ਼ਾ ਪਰਿਵਰਤਨ ਲਈ ਪ੍ਰਮਾਤਮਾ ਦੀ ਸਹਾਇਤਾ ਦੀ ਲੋੜ ਹੁੰਦੀ ਹੈ।